ਗੁਰੂ ਨਾਨਕ ਪ੍ਰਕਾਸ਼ (ਕਾਵਿ) ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਗੁਰੂ ਨਾਨਕ ਪ੍ਰਕਾਸ਼ (ਕਾਵਿ): ਇਹ ਮਹਾਕਵੀ ਸੰਤੋਖ ਸਿੰਘ ਦੀ ਪਹਿਲੀ ਮੌਲਿਕ ਰਚਨਾ ਹੈ ਜਿਸ ਨੂੰ 1880 ਬਿ. (1823 ਈ.) ਵਿਚ ‘ਬੂੜੀਆਕਸਬੇ ਵਿਚ ਮੁਕੰਮਲ ਕੀਤਾ ਗਿਆ ਸੀ। ਇਸ ਗ੍ਰੰਥ ਦੇ ਦੋ ਭਾਗ ਹਨ ਪੂਰਬਾਰਧ ਅਤੇ ਉਤਰਾਰਧ। ਪਹਿਲੇ ਭਾਗ ਵਿਚ 73 ਅਤੇ ਦੂਜੇ ਭਾਗ ਵਿਚ 57 ਅਧਿਆਇ ਹਨ। ਛੰਦਾਂ ਦੀ ਕੁਲ ਗਿਣਤੀ 9700 ਹੈ। ਇਸ ਦੀ ਰਚਨਾ-ਪ੍ਰਕ੍ਰਿਆ ਦੋ ਸਾਲ ਤੋਂ ਕੁਝ ਵਧ ਸਮੇਂ ਤਕ ਚਲਦੀ ਰਹੀ। ਇਸ ਦੇ ਆਰੰਭ ਵਿਚ 88 ਛੰਦਾਂ ਦਾ ਮੰਗਲਾ- ਚਰਣ ਹੈ ਜਿਸ ਵਿਚ ਅਕਾਲ ਪੁਰਖ ਤੋਂ ਇਲਾਵਾ ਗੁਰੂ ਸਾਹਿਬਾਨ ਪ੍ਰਤਿ ਇਸ਼ਟ-ਭਾਵਨਾ ਦੀ ਅਭਿਵਿਅਕਤੀ ਹੋਈ ਹੈ। ਆਪਣੇ ਵਿਦਿਆ-ਗੁਰੂ ਦੀ ਮਹਿਮਾ ਕਰਨ ਤੋਂ ਬਾਦ ਕਵੀ ਨੇ ਨਾਮ- ਸਿਮਰਨ ਦੇ ਮਹੱਤਵ ਨੂੰ ਦਰਸਾਉਂਦੇ ਹੋਇਆਂ ਉਨ੍ਹਾਂ ਸਾਧਕਾਂ ਦਾ ਉਲੇਖ ਵੀ ਕੀਤਾ ਹੈ ਜਿਨ੍ਹਾਂ ਨੇ ਨਾਮ-ਸਿਮਰਨ ਦੇ ਬਲ ’ਤੇ ਭਵਸਾਗਰ ਨੂੰ ਸੁਖੈਨ ਹੀ ਤਰ ਲਿਆ ਸੀ।

            ਗੁਰੂ ਨਾਨਕ ਦੇਵ ਜੀ ਆਪਣੇ ਯੁਗ ਦੇ ਇਕ ਮਹਾਨ ਲੋਕ-ਨਾਇਕ ਅਤੇ ਨਿਸ਼ਠਾਵਾਨ ਧਰਮ-ਸਾਧਕ ਸਨ ਜਿਨ੍ਹਾਂ ਨੇ ਆਪਣੀ ਨਵੀਨ ਅਤੇ ਯੁਗ ਦੀ ਲੋੜ ਅਨੁਸਾਰ ਉਸਾਰੂ ਵਿਚਾਰਧਾਰਾ ਨਾਲ ਸਾਰੇ ਦੇਸ਼ ਦਾ ਕਲਿਆਣ ਕੀਤਾ ਅਤੇ ਅਨੇਕਾਂ ਸ਼ਰਧਾਲੂਆਂ ਦਾ ਅਧਿਆਤਮਿਕ ਭਵਿਸ਼ ਉਜਲਾ ਕੀਤਾ। ਅਜਿਹੇ ਪਰਮ ਪੁਰਸ਼ ਦੇ ਜੀਵਨ ਬਾਰੇ ਭਾਵੇਂ ਇਸ ਰਚਨਾ ਤੋਂ ਪਹਿਲਾਂ ਕਈ ਕਵੀਆਂ/ਲੇਖਕਾਂ ਨੇ ਜਨਮ- ਸਾਖੀਆਂ, ਮਹਿਮਾ ਪ੍ਰਕਾਸ਼ , ਆਦਿ ਵਿਚ ਚਾਨਣਾ ਪਾਇਆ ਹੈ, ਪਰ ਪ੍ਰਬੰਧ-ਕਾਵਿ ਦੀ ਪਰੰਪਰਾ ਵਿਚ ਭਾਈ ਸੰਤੋਖ ਸਿੰਘ ਦਾ ਇਹ ਸ਼ਲਾਘਾਯੋਗ ਯਤਨ ਹੈ। ਇਹ ਇਕ ਬ੍ਰਿੱਤਾਂਤਿਕ ਪ੍ਰਬੰਧ-ਕਾਵਿ ਹੈ ਜਿਸ ਵਿਚ ਗੁਰੂ ਨਾਨਕ ਦੇਵ ਜੀ ਦੇ ਜੀਵਨ-ਵਿਵਰਣ ਦੇ ਨਾਲ ਨਾਲ ਉਨ੍ਹਾਂ ਦੀ ਧਰਮ- ਭਾਵਨਾ ਦਾ ਪਸਾਰ ਹੋਇਆ ਹੈ। ਇਸ ਦੇ ਆਧਾਰ ਗ੍ਰੰਥ ਜਨਮਸਾਖੀਆਂ , ਖ਼ਾਸ ਕਰਕੇ ‘ਬਾਲਾ ਜਨਮਸਾਖੀ’ ਅਤੇ ‘ਮਹਿਮਾ ਪ੍ਰਕਾਸ਼’ ਹਨ। ਗੁਰੂ ਸਾਹਿਬ ਦੀਆਂ ਯਾਤ੍ਰਾਵਾਂ/ ਉਦਾਸੀਆਂ ਅਤੇ ਉਨ੍ਹਾਂ ਦੌਰਾਨ ਵਾਪਰੀਆਂ ਘਟਨਾਵਾਂ ਅਤੇ ਗੁਰੂ ਜੀ ਦੁਆਰਾ ਸਥਾਪਿਤ ਆਦਰਸ਼ਾਂ ਦਾ ਰੁਚੀ-ਪੂਰਣ ਚਿਤ੍ਰਣ ਹੋਇਆ ਹੈ। ਗੁਰੂ ਸਾਹਿਬ ਨੇ ਜਿਸ ਤਰ੍ਹਾਂ ਆਪਣੀ ਵਿਚਾਰਧਾਰਾ ਨੂੰ ਲੋਕ-ਮਨ ਉਤੇ ਸਥਾਪਿਤ ਕੀਤਾ, ਉਸ ਤੋਂ ਉਨ੍ਹਾਂ ਦੀ ਸ਼ਖ਼ਸੀਅਤ ਦੈਵੀ ਰੂਪ ਵਿਚ ਉਘੜੀ ਹੈ। ਘਟਨਾ -ਵਰਣਨ ਵੇਲੇ ਕਰਾਮਾਤਾਂ, ਅਲੌਕਿਕ ਘਟਨਾਵਾਂ, ਚਮਤਕਾਰਾਂ ਦਾ ਵੀ ਮਿਸ਼ਰਣ ਹੋਇਆ ਹੈ। ਫਲਸਰੂਪ ਯਥਾਰਥ ਭੂਮੀ ਤੋਂ ਹਟ ਕੇ ਕਵੀ ਨੇ ਗੁਰੂ ਨਾਨਕ ਦੇਵ ਜੀ ਨੂੰ ਪੁਰਾਣ-ਪੁਰਸ਼ ਦੇ ਰੂਪ ਵਿਚ ਪੇਸ਼ ਕੀਤਾ ਹੈ। ਅਜਿਹਾ ਕਰਨ ਵੇਲੇ ਕਈਆਂ ਥਾਂਵਾਂ’ਤੇ ਜਿਥੇ ਇਤਿਹਾਸਿਕ ਆਧਾਰ ਖੁਰਿਆ ਹੈ, ਉਥੇ ਗੁਰੂ ਸਾਹਿਬ ਦੇ ਜੀਵਨ ਵਿਚ ਕਈ ਅਜਿਹੇ ਤੱਤ੍ਵ ਵੀ ਸ਼ਾਮਲ ਹੋ ਗਏ ਹਨ, ਜਿਨ੍ਹਾਂ ਦਾ ਸੰਬੰਧ ਗੁਰੂ ਜੀ ਨਾਲ ਨਹੀਂ ਹੈ। ਕਵੀ ਨੇ ਗੁਰੂ ਜੀ ਦੇ ਵਾਸਤਵਿਕ ਸਰੂਪ ਦੀ ਥਾਂ, ਆਪਣੇ ਮਨ ਵਿਚ ਬਣੇ ਗੁਰੂ ਸਾਹਿਬ ਦੇ ਸਰੂਪ ਨੂੰ ਚਿਤਰਿਆ ਹੈ ਜੋ ਉਸ ਦੀ ਭਾਵਨਾ ਦੇ ਅਨੁਰੂਪ ਹੈ। ਇਸ ਵਾਸਤੇ ‘ਗੁਰੂ ਨਾਨਕ ਪ੍ਰਕਾਸ਼ਵਿਚਲਾ ਨਾਨਕ -ਬਿੰਬ ਕਵੀ ਦੀ ਭਾਵਨਾ ਅਨੁਸਾਰ ਦੈਵੀ ਨੁਹਾਰ ਵਾਲਾ ਹੈ।

            ਗੁਰੂ ਨਾਨਕ ਦੇਵ ਜੀ ਦੀ ਭਾਵਨਾ ਨੂੰ ਸੰਪੁਸ਼ਟ ਕਰਨ ਲਈ ਕਵੀ ਨੇ ਅਨੇਕ ਪੌਰਾਣਿਕ ਪ੍ਰਸੰਗਾਂ ਦਾ ਚਿਤ੍ਰਣ ‘ਪ੍ਰਕਰੀ’ ਰੂਪ ਵਿਚ ਕੀਤਾ ਹੈ। ਕਵੀ ਦਾ ਧਿਆਨ ਭਾਵੇਂ ਮੁੱਖ ਕਥਾ ਉਤੇ ਹੀ ਕੇਂਦ੍ਰਿਤ ਰਿਹਾ ਹੈ, ਪਰ ਇਨ੍ਹਾਂ ਪ੍ਰਕਰੀਆਂ ਨਾਲ, ਨਾਮ-ਸਾਧਨਾ ਦੇ ਮਹੱਤਵ, ਦੁਰਾਚਾਰ ਦੇ ਮਾੜੇ ਫਲ , ਭਗਤੀ ਦੀ ਵਡਿਆਈ ਆਦਿ ਪੱਖਾਂ ਦਾ ਵਰਣਨ ਅਜਿਹੀ ਵਿਵਸਥਿਤ ਵਿਧੀ ਨਾਲ ਹੋਇਆ ਹੈ ਕਿ ਇਕ ਖ਼ਾਸ ਕਿਸਮ ਦੀ ਸੰਸਕ੍ਰਿਤਿਕ ਚੇਤਨਾ ਪੈਦਾ ਹੋ ਗਈ ਹੈ। ਇਸ ਚੇਤਨਾ ਦਾ ਆਧਾਰ ਕਵੀ ਦੀ ਸਮਨਵੈਵਾਦੀ ਰੁਚੀ ਹੈ। ਉਨ੍ਹਾਂ ਨੇ ਬੜੀ ਸਾਵਧਾਨੀ ਨਾਲ ਮਾਨਵੀ ਅਤੇ ਸਮਾਜਿਕ ਜੀਵਨ ਦਾ ਉਦਾੱਤੀਕਰਣ ਕਰਕੇ ਸਚੇ ਮਨੁੱਖ ਦਾ ਆਦਰਸ਼-ਰੂਪ ਨਿਰਮਿਤ ਕੀਤਾ ਹੈ। ਇਹੀ ਕਾਰਣ ਹੈ ਕਿ ਲੋਕਾਂ ਨੂੰ ਗੁਰੂ- ਚਰਿਤ੍ਰ ਵਿਚ ਇਕ ਮਹਾਨ ਉੱਧਾਰਕ ਦੇ ਦਰਸ਼ਨ ਹੋਣ ਲਗੇ ਸਨ। ਸਚ ਤਾਂ ਇਹ ਹੈ ਕਿ ਕਵੀ ਨੇ ਅਵਤਾਰਵਾਦ ਦੀ ਭਾਵ-ਭੂਮੀ ਅਨੁਸਾਰ ਭਾਰ-ਪੀੜਿਤ ਧਰਤੀ ਦੇ ਪਰਿਤ੍ਰਾਣ ਲਈ ਗੁਰੂ ਨਾਨਕ ਦੇਵ ਜੀ ਦੇ ਰੂਪ ਵਿਚ ਇਕ ਦੈਵੀ ਸ਼ਖ਼ਸੀਅਤ ਦਾ ਅਵਤਰਣ ਦਰਸਾਇਆ ਹੈ।

ਪਹਿਲੀ ਰਚਨਾ ਹੋਣ ਦੇ ਬਾਵਜੂਦ ਸਾਹਿਤਿਕ ਦ੍ਰਿਸ਼ਟੀ ਤੋਂ ਇਹ ਇਕ ਸਫਲ ਕਾਵਿ ਹੈ ਜਿਸ ਵਿਚ ਪ੍ਰਬੰਧ -ਕਾਵਿ ਦੇ ਅਧਿਕਾਂਸ਼ ਗੁਣ ਸਮੋਏ ਹੋਏ ਹਨ ਅਤੇ ਨੈਤਿਕ ਆਚਾਰ ਦੀ ਗੰਭੀਰਤਾ ਆਦਿ ਤੋਂ ਅੰਤ ਤਕ ਕਾਇਮ ਹੈ। ਵਸਤੂ-ਵਰਣਨ, ਅਲੰਕਾਰ-ਯੋਜਨਾ, ਛੰਦ-ਵਿਧਾਨ, ਭਾਸ਼ਾ-ਸੋਹਜ ਆਦਿ ਸਾਰੇ ਪੱਖਾਂ ਤੋਂ ਇਹ ਇਕ ਸੁੰਦਰ ਰਚਨਾ ਹੈ। ਕਵੀ ਦੀ ਸੰਸਕ੍ਰਿਤਿਕ ਭਾਵਨਾ ਅਤੇ ਕਾਵਿ-ਪ੍ਰਤਿਭਾ ਦਾ ਜੋ ਪਰਿਚਯ ਇਸ ਗ੍ਰੰਥ ਵਿਚ ਮਿਲਦਾ ਹੈ, ਉਸੇ ਦਾ ਵਿਕਾਸਗੁਰ ਪ੍ਰਤਾਪ ਸੂਰਜ ’ ਵਿਚ ਵੇਖਿਆ ਜਾ ਸਕਦਾ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1095, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.